ਬਿ੍ਟਿਸ਼ ਵਿਕਟੋਰੀਆ ਸਕੂਲ ਦੇ ਬੱਚਿਆਂ ਅਤੇ ਅਧਿਆਪਕਾਂ ਵੱਲੋਂ ਪੂਰੇ ਚਾਅ ਅਤੇ ਉਤਸ਼ਾਹ ਨਾਲ ਮਨਾਇਆ ਗਿਆ ਅਜ਼ਾਦੀ ਦਿਵਸ
ਸ਼੍ਰੀ ਗੋਇੰਦਵਾਲ ਸਾਹਿਬ 16 ਅਗਸਤ ( ਬਿਉਰੋ ) -ਭਾਰਤ ਦੇ ਵਿੱਚ ਹਰ ਸਾਲ ਸੁਤੰਤਰਤਾ ਦਿਵਸ ਦਾ ਤਿਉਹਾਰ 15 ਅਗਸਤ ਨੂੰ ਮਨਾਇਆ ਜਾਂਦਾ ਹੈ । ਦੇਸ਼ ਦੀ ਅਜ਼ਾਦੀ ਦੇ ਜਸ਼ਨ ਜਿੱਥੇ ਪੂਰੇ ਭਾਰਤ ਵਿੱਚ ਮਨਾਏ ਜਾ ਰਹੇ ਹਨ, ਉੱਥੇ ਸਥਾਨਕ ਬਿ੍ਟਿਸ਼ ਵਿਕਟੋਰੀਆ ਸਕੂਲ ਦੀ ਮੈਨੇਜ਼ਮੈਂਟ ਕਮੇਟੀ, ਬੱਚਿਆਂ ਅਤੇ ਅਧਿਆਪਕਾਂ ਵੱਲੋਂ ਪੂਰੇ ਚਾਅ ਅਤੇ ਉਤਸ਼ਾਹ ਨਾਲ ਵੀ ਦੇਸ਼ ਦੀ ਆਜ਼ਾਦੀ ਦਾ ਇਹ ਤਿਉਹਾਰ ਮਨਾਇਆਂ ਗਿਆ। ਬੱਚਿਆਂ ਵੱਲੋਂ ਪਹਿਨੀਆਂ ਹੋਈਆਂ ਤਿਰੰਗੇ ਝੰਡੇ ਅਤੇ ਭਾਰਤੀ ਫੌਜ ਵਾਲੀਆਂ ਸੁੰਦਰ ਪੁਸ਼ਾਕਾਂ ਇੱਕ ਵੱਖਰਾ ਨਜ਼ਾਰਾ ਪੇਸ਼ ਕਰ ਰਹੀਆਂ ਸਨ। ਇਸ ਪ੍ਰੋਗਰਾਮ ਵਿੱਚ ਬੱਚਿਆਂ ਨੇ ਮਿਊਜ਼ਿਕ ਵਿਸ਼ੇ ਦੇ ਅਧਿਆਪਕ ਬਲਜਿੰਦਰ ਸਿੰਘ ਅਤੇ ਪ੍ਰਭਪ੍ਰੀਤ ਸਿੰਘ ਦੀ ਸੁਚੱਜੀ ਅਗਵਾਈ ਵਿੱਚ ਜਿੱਥੇ ਕਵਿਤਾਵਾਂ, ਗੀਤਾਂ ਰਾਹੀਂ ਦੇਸ਼ ਭਗਤੀ ਦਾ ਜਜ਼ਬਾ ਪੈਦਾ ਕੀਤਾ ਓਥੇ ਡਾਂਸ ਕੋਰਿਓਗ੍ਰਾਫਰ ਮਿਸ ਰੇਖਾ ਵੱਲੋਂ ਤਿਆਰ ਕੀਤੇ ਬੱਚਿਆਂ ਨੇ ਦੇਸ਼ ਦੀ ਵੰਡ ਅਤੇ ਸਰਹੱਦਾਂ ਤੇ ਦੇਸ਼ ਦੀ ਰਾਖੀ ਕਰ ਰਹੇ ਫੌਜੀ ਜਵਾਨਾਂ ਦੀ ਬਹਾਦਰੀ ਨੂੰ ਪੇਸ਼ ਕਰਦੀਆਂ ਬਹੁਤ ਹੀ ਸੁੰਦਰ ਕੋਰਿਓਗ੍ਰਾਫੀਆਂ ਪੇਸ਼ ਕਰਕੇ ਦੇਸ਼ ਪ੍ਰਤੀ ਸਾਡੀਆਂ ਜ਼ਿੰਮੇਵਾਰੀਆਂ ਤੋਂ ਜਾਣੂ ਕਰਵਾਇਆ। ਬੱਚਿਆਂ ਵੱਲੋਂ ਦੇਸ਼ ਭਗਤੀ ਦੇ ਗੀਤਾਂ ਅਤੇ ਢੋਲ ਦੀ ਤਾਲ ਨਾਲ ਪੇਸ਼ ਕੀਤੇ ਭੰਗੜੇ ਅਤੇ ਗਿੱਧੇ ਨੇ ਸਭ ਨੂੰ ਨੱਚਣ ਲਈ ਮਜਬੂਰ ਕਰ ਦਿੱਤਾ।ਸਟੇਜ਼ ਸੰਚਾਲਨ ਦੀ ਜ਼ਿੰਮੇਵਾਰੀ ਵਿਦਿਆਰਥਣ ਏਕਮਦੀਪ ਕੌਰ,ਅਰਪਨਦੀਪ ਕੌਰ ਅਤੇ ਅਧਿਆਪਕ ਗੁਰਜਿੰਦਰ ਸਿੰਘ ਰੰਧਾਵਾ ਅਤੇ ਸੁਖਮੀਨ ਕੋਰ ਗਿੱਲ ਵੱਲੋਂ ਬਾਖੂਬੀ ਨਿਭਾਈ ਗਈ।ਇਸ ਮੌਕੇ ਸੰਬੋਧਨ ਕਰਦਿਆਂ ਸੰਸਥਾ ਦੇ ਚੇਅਰਮੈਨ ਛਿੰਦਰਪਾਲ ਸਿੰਘ, ਪ੍ਰਧਾਨ ਅਰਸ਼ਦੀਪ ਸਿੰਘ, ਐੱਮ. ਡੀ ਸਾਹਿਲ ਪੱਬੀ, ਪ੍ਰਿੰਸੀਪਲ ਜਸਮੀਤ ਕੌਰ ਕਾਹਲੋਂ ਨੇ ਸਭ ਨੂੰ ਅਜ਼ਾਦੀ ਦਿਵਸ ਦੀਆਂ ਮੁਬਾਰਕਾਂ ਦਿੱਤੀਆਂ ਅਤੇ ਕਿਹਾ ਕਿ 15 ਅਗਸਤ ਦਾ ਦਿਨ ਸਾਨੂੰ ਇਹ ਸੰਦੇਸ਼ ਦਿੰਦਾ ਹੈ ਕਿ ਜਿਸ ਤਰ੍ਹਾਂ ਦੇਸ਼ ਭਗਤਾਂ ਨੇ ਦੇਸ਼ ਅਜ਼ਾਦ ਕਰਾਉਣ ਲਈ ਕੁਰਬਾਨੀਆਂ ਦਿੱਤੀਆਂ, ਇਸੇ ਤਰ੍ਹਾਂ ਸਾਨੂੰ ਵੀ ਦੇਸ਼ ਦੀ ਅਜ਼ਾਦੀ ਨੂੰ ਕਾਇਮ ਰੱਖਣ ਲਈ ਆਪਣਾ ਤਨ, ਮਨ, ਧਨ ਕੁਰਬਾਨ ਕਰਨ ਲਈ ਤਿਆਰ ਰਹਿਣਾ ਚਾਹੀਦਾ ਹੈ ਅਤੇ ਆਪਸੀ ਭਾਈਚਾਰਕ ਸਾਂਝ ਬਣਾਈ ਰੱਖਣੀ ਚਾਹੀਦੀ ਹੈ ।




