ਤਰਨ ਤਾਰਨਪੰਜਾਬ

ਪੰਜਾਬ ਪੁਲਿਸ ਨੇ ਐਫਬੀਆਈ ਨੂੰ ਲੋੜੀਂਦਾ ਭਾਰਤੀ ਮੂਲ ਦਾ ਡਰੱਗ ਲਾਰਡ ਸ਼ੌਨ ਭਿੰਡਰ ਲੁਧਿਆਣਾ ਤੋਂ ਕੀਤਾ ਗ੍ਰਿਫ਼ਤਾਰ

ਦੋਸ਼ੀ ਸ਼ੌਨ ਭਿੰਡਰ ਅੰਤਰਾਸ਼ਟਰੀ ਨਾਰਕੋਟਿਕਸ ਸਿੰਡੀਕੇਟ ਵਿੱਚ ਮੁੱਖ ਸਰਗਨਾ ਸੀ ਅਤੇ ਕੋਲੰਬੀਆ ਤੋਂ ਅਮਰੀਕਾ ਅਤੇ ਕੈਨੇਡਾ ਵਿੱਚ ਕੋਕੇਨ ਦੀ ਤਸਕਰੀ ਕਰਦਾ ਸੀ: ਡੀਜੀਪੀ ਗੌਰਵ ਯਾਦਵ

ਚੰਡੀਗੜ੍ਹ/ਤਰਨਤਾਰਨ 10 ਮਾਰਚ ( ਬਿਉਰੋ ) ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਦਿਸ਼ਾ-ਨਿਰਦੇਸ਼ਾਂ ‘ਤੇ ਸ਼ੁਰੂ ਕੀਤੇ ਗਏ ‘ਯੁੱਧ ਨਸ਼ਿਆਂ ਵਿਰੁੱਧ’ ਦੌਰਾਨ ਵੱਡੀ ਸਫਲਤਾ ਹਾਸਲ ਕਰਦਿਆਂ, ਤਰਨਤਾਰਨ ਪੁਲਿਸ ਨੇ ਵੱਡੀ ਮੱਛੀ ਸ਼ਹਿਨਾਜ਼ ਸਿੰਘ ਉਰਫ ਸ਼ੌਨ ਭਿੰਡਰ, ਜੋ ਕਿ ਅਮਰੀਕਾ ਅਧਾਰਿਤ ਖੁਫੀਆ ਅਤੇ ਸੁਰੱਖਿਆ ਏਜੰਸੀ ਫੈਡਰਲ ਬਿਊਰੋ ਆਫ਼ ਇਨਵੈਸਟੀਗੇਸ਼ਨ (ਐਫਬੀਆਈ) ਨੂੰ ਲੋੜੀਂਦਾ ਭਾਰਤੀ ਮੂਲ ਦਾ ਅੰਤਰਰਾਸ਼ਟਰੀ ਡਰੱਗ ਲਾਰਡ ਹੈ, ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਇਹ ਜਾਣਕਾਰੀ ਅੱਜ ਇੱਥੇ ਡਾਇਰੈਕਟਰ ਜਨਰਲ ਆਫ ਪੁਲਿਸ (ਡੀਜੀਪੀ) ਪੰਜਾਬ ਗੌਰਵ ਯਾਦਵ ਨੇ ਦਿੱਤੀ,ਗ੍ਰਿਫ਼ਤਾਰ ਕੀਤਾ ਗਿਆ ਮੁਲਜ਼ਮ ਸ਼ੌਨ ਭਿੰਡਰ ਬਟਾਲਾ ਦੇ ਪਿੰਡ ਮੰਡਿਆਲਾ ਦਾ ਰਹਿਣ ਵਾਲਾ ਹੈ ਅਤੇ ਉਹ ਕੈਨੇਡਾ ਦੇ ਬਰੈਂਪਟਨ ਵਿੱਚ ਰਹਿ ਰਿਹਾ ਸੀ। ਉਹ 26 ਫਰਵਰੀ, 2025 ਨੂੰ ਅਮਰੀਕਾ ਦੀ ਸਭ ਤੋਂ ਵੱਡੀ ਨਸ਼ੀਲੇ ਪਦਾਰਥਾਂ ਦੀ ਜ਼ਬਤੀ ਵਿੱਚ ਐਫਬੀਆਈ ਨੂੰ ਲੋੜੀਂਦਾ ਸੀ, ਜਿਸ ਵਿੱਚ ਐਫਬੀਆਈ ਨੇ ਅਮਰੀਕਾ ਵਿੱਚ ਉਸਦੇ ਛੇ ਸਾਥੀਆਂ ਨੂੰ ਗ੍ਰਿਫ਼ਤਾਰ ਕੀਤਾ ਸੀ ਅਤੇ ਉਨ੍ਹਾਂ ਦੇ ਕਬਜ਼ੇ ਵਿੱਚੋਂ 391 ਕਿਲੋਗ੍ਰਾਮ ਮੈਥਾਮਫੇਟਾਮਾਈਨ, 109 ਕਿਲੋਗ੍ਰਾਮ ਕੋਕੀਨ, ਚਾਰ ਆਧੁਨਿਕ ਹਥਿਆਰ ਅਤੇ ਵਾਹਨ ਜ਼ਬਤ ਕੀਤੇ ਸਨ। ਇਸ ਮਾਮਲੇ ਵਿੱਚ ਐਫਬੀਆਈ ਵੱਲੋਂ ਗ੍ਰਿਫ਼ਤਾਰ ਕੀਤੇ ਗਏ ਛੇ ਮੁਲਜ਼ਮਾਂ ਦੀ ਪਛਾਣ ਅੰਮ੍ਰਿਤਪਾਲ ਸਿੰਘ ਉਰਫ਼ ਅੰਮ੍ਰਿਤ ਉਰਫ਼ ਬੱਲ, ਅੰਮ੍ਰਿਤਪਾਲ ਸਿੰਘ ਉਰਫ਼ ਚੀਮਾ, ਤਕਦੀਰ ਸਿੰਘ ਉਰਫ਼ ਰੋਮੀ, ਸਰਬਜੀਤ ਸਿੰਘ ਸਾਬੀ, ਫਰਨਾਂਡੋ ਵਾਲਾਡੇਰੇਸ ਉਰਫ਼ ਫ੍ਰੈਂਕੋ ਅਤੇ ਗੁਰਲਾਲ ਸਿੰਘ ਵਜੋਂ ਹੋਈ ਹੈ,ਡੀਜੀਪੀ ਗੌਰਵ ਯਾਦਵ ਨੇ ਦੱਸਿਆ ਕਿ ਦੋਸ਼ੀ ਸ਼ੌਨ ਭਿੰਡਰ ਇੱਕ ਅੰਤਰਰਾਸ਼ਟਰੀ ਨਾਰਕੋਟਿਕਸ ਸਿੰਡੀਕੇਟ ਦਾ ਮੁੱਖ ਸਰਗਨਾ ਸੀ, ਜੋ ਕੋਲੰਬੀਆ ਤੋਂ ਅਮਰੀਕਾ ਅਤੇ ਕੈਨੇਡਾ ਵਿੱਚ ਕੋਕੀਨ ਦੀ ਤਸਕਰੀ ਕਰਦਾ ਸੀ,ਡੀਜੀਪੀ ਗੌਰਵ ਯਾਦਵ ਨੇ ਦੱਸਿਆ ਕਿ ਐਫਬੀਆਈ ਵੱਲੋਂ ਕੀਤੀ ਗਈ ਕਾਰਵਾਈ ਉਪਰੰਤ, ਦੋਸ਼ੀ ਸ਼ੌਨ ਭਿੰਡਰ ਐਫਬੀਆਈ ਦੇ ਜਾਸੂਸਾਂ ਨੂੰ ਚਕਮਾ ਦੇ ਕੇ ਭਾਰਤ ਵਾਪਸ ਆ ਗਿਆ। ਉਹਨਾਂ ਅੱਗੇ ਦੱਸਿਆ ਕਿ ਪੰਜਾਬ ਪੁਲਿਸ ਨੇ ਉਸਨੂੰ ਸਫਲਤਾਪੂਰਵਕ ਟਰੈਕ ਕਰਕੇ ਲੁਧਿਆਣਾ ਖੇਤਰ ਤੋਂ ਗ੍ਰਿਫ਼ਤਾਰ ਕਰ ਲਿਆ,ਡੀਜੀਪੀ ਨੇ ਦੱਸਿਆ ਕਿ ਗ੍ਰਿਫ਼ਤਾਰ ਕੀਤਾ ਗਿਆ ਉਕਤ ਮੁਲਜ਼ਮ ਦਸੰਬਰ 2024 ਵਿੱਚ ਅਸਲਾ ਐਕਟ ਤਹਿਤ ਦਰਜ ਕੀਤੇ ਮਾਮਲੇ ਵਿੱਚ ਵੀ ਲੋੜੀਂਦਾ ਸੀ, ਜਿਸ ਵਿੱਚ ਤਰਨਤਾਰਨ ਪੁਲਿਸ ਨੇ ਬਦਨਾਮ ਜੱਗੂ ਭਗਵਾਨਪੁਰੀਆ ਅਤੇ ਅੰਮ੍ਰਿਤਪਾਲ ਬਾਠ ਗੈਂਗ ਦੇ ਪੰਜ ਮੈਂਬਰਾਂ ਨੂੰ ਗ੍ਰਿਫ਼ਤਾਰ ਕਰਕੇ ਉਨ੍ਹਾਂ ਦੇ ਕਬਜ਼ੇ ਵਿੱਚੋਂ ਭਾਰੀ ਮਾਤਰਾ ਵਿੱਚ ਹਥਿਆਰ ਅਤੇ ਗੋਲੀ-ਸਿੱਕਾ ਬਰਾਮਦ ਕੀਤਾ ਸੀ,ਡਿਪਟੀ ਇੰਸਪੈਕਟਰ ਜਨਰਲ ਆਫ਼ ਪੁਲਿਸ (ਡੀਆਈਜੀ) ਫਿਰੋਜ਼ਪੁਰ ਰੇਂਜ ਸਵਪਨ ਸ਼ਰਮਾ ਜੋ ਅੱਜ ਸੀਨੀਅਰ ਸੁਪਰਡੈਂਟ ਆਫ਼ ਪੁਲਿਸ (ਐਸਐਸਪੀ) ਤਰਨਤਾਰਨ ਅਭਿਮਨਿਊ ਰਾਣਾ ਨਾਲ ਇੱਕ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰ ਰਹੇ ਸਨ, ਨੇ ਦੱਸਿਆ ਕਿ ਮੁੱਢਲੀ ਜਾਂਚ ਤੋਂ ਪਤਾ ਚੱਲਦਾ ਹੈ ਕਿ ਦੋਸ਼ੀ ਸ਼ੌਨ ਭਿੰਡਰ ਨੇ ਟਰੱਕਾਂ ਅਤੇ ਟ੍ਰੇਲਰਾਂ ਰਾਹੀਂ ਅੰਤਰਰਾਸ਼ਟਰੀ ਸਰਹੱਦਾਂ ਤੋਂ ਨਸ਼ੀਲੇ ਪਦਾਰਥਾਂ ਦੀ ਵੱਡੀ ਖੇਪ ਪਹੁੰਚਾਉਣ ਵਿੱਚ ਮੁੱਖ ਭੂਮਿਕਾ ਨਿਭਾਈ ਸੀ,ਉਨ੍ਹਾਂ ਦੱਸਿਆ ਕਿ ਪੁੱਛਗਿੱਛ ਦੌਰਾਨ ਸਾਹਮਣੇ ਆਇਆ ਹੈ ਕਿ ਦੋਸ਼ੀ ਸ਼ੌਨ ਭਿੰਡਰ 2014 ਤੋਂ ਕੈਨੇਡਾ ਵਿੱਚ ਟਰਾਂਸਪੋਰਟ ਕਾਰੋਬਾਰ ਕਰ ਰਿਹਾ ਹੈ ਅਤੇ ਉਸ ਦੀ ਆੜ ਵਿੱਚ ਇਹਨਾਂ ਗਤੀਵਿਧੀਆਂ ਨੂੰ ਅੰਜ਼ਾਮ ਦੇ ਰਿਹਾ ਸੀ। ਉਨ੍ਹਾਂ ਅੱਗੇ ਦੱਸਿਆ ਕਿ ਜਾਂਚ ਵਿੱਚ ਇਹ ਵੀ ਖੁਲਾਸਾ ਹੋਇਆ ਹੈ ਕਿ ਸ਼ੌਨ ਭਿੰਡਰ ਆਪਣੇ ਸਾਥੀਆਂ ਨਾਲ ਮਿਲ ਕੇ ਹਰ ਹਫ਼ਤੇ ਕੋਲੰਬੀਆ ਤੋਂ ਮੈਕਸੀਕੋ ਰਾਹੀਂ ਅਮਰੀਕਾ ਅਤੇ ਕੈਨੇਡਾ ਵਿੱਚ ਲਗਭਗ 600 ਕਿਲੋਗ੍ਰਾਮ ਕੋਕੀਨ ਸਪਲਾਈ ਕਰ ਰਿਹਾ ਸੀ,ਐੱਸਐੱਸਪੀ ਅਭਿਮਨਿਊ ਰਾਣਾ ਨੇ ਦੱਸਿਆ ਕਿ ਗ੍ਰਿਫ਼ਤਾਰ ਮੁਲਜ਼ਮ ਦਾ ਅੰਮ੍ਰਿਤਪਾਲ ਸਿੰਘ ਉਰਫ਼ ਬਾਠ ਅਤੇ ਗੁਰਜੰਟ ਸਿੰਘ ਭੋਲੂ ਹਵੇਲੀਆ ਸਮੇਤ ਬਦਨਾਮ ਨਸ਼ਾ ਤਸਕਰਾਂ ਨਾਲ ਸਬੰਧ ਹੋਣ ਦਾ ਸ਼ੱਕ ਹੈ। ਉਨ੍ਹਾਂ ਅੱਗੇ ਦੱਸਿਆ ਕਿ ਇਸ ਮਾਮਲੇ ਵਿੱਚ ਹੋਰ ਜਾਂਚ ਜਾਰੀ ਹੈ,ਜ਼ਿਕਰਯੋਗ ਹੈ ਕਿ ਪਿਛਲੇ ਚਾਰ ਮਹੀਨਿਆਂ ਦੌਰਾਨ, ਤਰਨਤਾਰਨ ਪੁਲਿਸ ਨੇ ਐਨਡੀਪੀਐਸ ਐਕਟ ਤਹਿਤ 145 ਵਿਅਕਤੀਆਂ ਨੂੰ ਗ੍ਰਿਫ਼ਤਾਰ ਕਰਕੇ 125 ਮਾਮਲੇ ਦਰਜ ਕੀਤੇ ਹਨ ਅਤੇ 34 ਕਿਲੋ ਹੈਰੋਇਨ, 4 ਕਿਲੋ ਅਫੀਮ ਅਤੇ 2.29 ਲੱਖ ਰੁਪਏ ਦੀ ਡਰੱਗ ਮਨੀ ਬਰਾਮਦ ਕੀਤੀ ਹੈ। ਇਸ ਤੋਂ ਇਲਾਵਾ, ਇਸ ਸਮੇਂ ਦੌਰਾਨ ਐਨਡੀਪੀਐਸ ਐਕਟ ਦੇ ਮਾਮਲਿਆਂ ਵਿੱਚ 29 ਭਗੌੜਿਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ।

Related Articles

Back to top button