ਡੀ ਸੀ ਤਰਨ ਤਾਰਨ ਵਲੋੰ ਲੋਕਤੰਤਰ ਦੇ ਚੌਥੇ ਸਤੰਭ ਨੂੰ ਅਣਗੌਲਿਆ ਕਰਨਾ ਨਿਰਾਸ਼ਾਜਨਕ : ਭੁਪਾਲ

ਤਰਨ ਤਾਰਨ, 18 ਮਾਰਚ ( ਬਿਉਰੋ ) ਜ਼ਿਲ੍ਹੇ ਦੇ ਪੱਤਰਕਾਰ ਆਏ ਦਿਨ ਆਪਣੀ ਜਾਨ ਤੇ ਖੇਡ ਕੇ ਨਸ਼ਾ ਤਸਕਰਾਂ,ਗੈਗਸਟਰਾਂ ਤੇ ਸਮਾਜ ਵਿਰੋਧੀ ਅਨਸਰਾਂ ਦੀਆਂ ਖਬਰਾਂ ਅਖ਼ਬਾਰਾਂ ਤੇ ਨਿਊਜ਼ ਚੈਨਲਾਂ ਰਾਹੀਂ ਸਿਵਲ ਤੇ ਪੁਲਿਸ ਪ੍ਰਸ਼ਾਸਨ ਦੇ ਸਨਮੁੱਖ ਉਜਾਗਰ ਕਰਦੇ ਹਨ ਪਰ ਦੂਜੇ ਪਾਸੇ ਜ਼ਿਲ੍ਹਾ ਤਰਨ ਤਾਰਨ ਦੇ ਡੀਸੀ ਵੱਲੋਂ ਪੱਤਰਕਾਰਾਂ ਦੀ ਸੁਰੱਖਿਆ ਲਈ ਸੰਜੀਦਗੀ ਨਾਲ ਕਦੇ ਵੀ ਕੋਈ ਕਦਮ ਨਹੀਂ ਚੁੱਕਿਆ ਗਿਆ। ਜਿਸ ਕਾਰਨ ਜਿਲ੍ਹੇ ਦੇ ਪੱਤਰਕਾਰਾਂ ਵਿੱਚ ਡੀਸੀ ਰਾਹੁਲ ਖਿਲਾਫ਼ ਰੋਸ ਪਾਇਆ ਜਾ ਰਿਹਾ ਹੈ। ਇੰਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਪ੍ਰੈਸ ਸੰਘਰਸ਼ ਜਰਨਲਿਸਟ ਐਸੋਸੀਏਸ਼ਨ ਦੇ ਸਰਪ੍ਰਸਤ ਤਰਸੇਮ ਸਿੰਘ ਭੁਪਾਲ ਨੇ ਕੀਤਾ। ਉਨ੍ਹਾਂ ਕਿਹਾ ਕਿ ਪੱਤਰਕਾਰਾਂ ਵਲੋ ਜਦੋਂ ਵੀ ਡਿਪਟੀ ਕਮਿਸ਼ਨਰ ਸ੍ਰੀ ਰਾਹੁਲ ਨੂੰ ਕਿਸੇ ਅਹਿਮ ਮੁੱਦੇ ‘ਤੇ ਫੋਨ ਕੀਤਾ ਜਾਂਦਾ ਹੈ, ਤਾਂ ਉਹ ਫੋਨ ਚੁੱਕਣਾ ਜ਼ਰੂਰੀ ਨਹੀਂ ਸਮਝਦੇ। ਇੱਥੋਂ ਤੱਕ ਕਿ ਵਟਸਐਪ ‘ਤੇ ਭੇਜੇ ਗਏ ਸਵਾਲਾਂ ਦਾ ਜਵਾਬ ਦੇਣਾ ਵੀ ਉਨ੍ਹਾਂ ਨੂੰ ਆਪਣੀ ਸ਼ਾਨ ਦੇ ਖਿਲਾਫ ਜਾਪਦਾ ਹੈ। ਉਨ੍ਹਾਂ ਕਿਹਾ ਕਿ ਇਕ ਜ਼ਿੰਮੇਵਾਰ ਅਹੁਦੇ ‘ਤੇ ਬੈਠੇ ਅਧਿਕਾਰੀ ਵੱਲੋਂ ਲੋਕਤੰਤਰ ਦੇ ਚੌਥੇ ਸਤੰਭ ਨੂੰ ਇਸ ਤਰ੍ਹਾਂ ਅਣਗੌਲਿਆ ਕਰਨਾ ਪ੍ਰਸ਼ਾਸਨ ਦੀ ਕਾਰਜਪ੍ਰਣਾਲੀ ‘ਤੇ ਵੱਡੇ ਸਵਾਲੀਆ ਨਿਸ਼ਾਨ ਖੜ੍ਹੇ ਕਰਦਾ ਹੈ। ਸ੍ਰ ਭੁਪਾਲ ਨੇ ਕਿਹਾ ਕਿ ਪੱਤਰਕਾਰ ਅਕਸਰ ਸਮਾਜ ਵਿਰੋਧੀ ਅਨਸਰਾਂ ਦੇ ਨਿਸ਼ਾਨੇ ‘ਤੇ ਰਹਿੰਦੇ ਹਨ। ਜਦੋਂ ਆਪਣੀ ਸਵੈ-ਰੱਖਿਆ ਲਈ ਅਸਲਾ ਲਾਇਸੰਸ ਜਾਂ ਸੁਰੱਖਿਆ ਸਬੰਧੀ ਜਾਣਕਾਰੀ ਲਈ ਡੀਸੀ ਤਰਨ ਤਾਰਨ ਨਾਲ ਗੱਲ ਕੀਤੀ ਜਾਂਦੀ ਹੈ, ਤਾਂ ਅੱਗੋਂ ਮਿਲਣ ਵਾਲਾ ਜਵਾਬ ਬੇਹੱਦ ਨਾਮੋਸ਼ੀਜਨਕ ਹੁੰਦਾ ਹੈ। ਉਨ੍ਹਾਂ ਨੇ ਤਿੱਖੇ ਲਹਿਜ਼ੇ ਵਿੱਚ ਕਿਹਾ ਕਿ ਜੇਕਰ ਕਿਸੇ ਪੱਤਰਕਾਰ ‘ਤੇ ਕੋਈ ਜਾਨਲੇਵਾ ਹਮਲਾ ਹੁੰਦਾ ਹੈ, ਤਾਂ ਉਸ ਦਾ ਸਿੱਧਾ ਜ਼ਿੰਮੇਵਾਰ ਜ਼ਿਲ੍ਹਾ ਪ੍ਰਸ਼ਾਸਨ ਹੋਵੇਗਾ।



