ਮੁੱਖ ਮੰਤਰੀ ਦੀ ਕਥਿਤ ਵਾਇਰਲ ਵੀਡੀਉ ਨੂੰ ਲੈ ਕੇ ਜਥੇਦਾਰ ਕੁਲਦੀਪ ਸਿੰਘ ਗੜਗੱਜ ਵਰਗੀਆਂ ਸਖ਼ਸ਼ੀਅਤਾਂ ਪ੍ਰਤੀ ਭੱਦੀ ਸ਼ਬਦਾਵਲੀ ਵਰਤਣਾ ਸਮਾਜਿਕ ਗਿਰਾਵਟ ਦਾ ਪ੍ਰਗਟਾਵਾ
ਧਾਰਮਿਕ ਸੰਸਥਾਵਾਂ ਦੀ ਸਰਵਉੱਚਤਾ ਨੂੰ ਸਿਆਸਤ ਦੀ ਭੇਟ ਨਹੀਂ ਚੜ੍ਹਾਇਆ ਜਾਣਾ ਚਾਹੀਦਾ
ਸਿੱਖ ਪੰਥ ਦੀ ਸਿਰਮੌਰ ਸੰਸਥਾ ‘ਸ੍ਰੀ ਅਕਾਲ ਤਖ਼ਤ ਸਾਹਿਬ’ ਸਿੱਖਾਂ ਦੇ ਧਾਰਮਿਕ, ਸਮਾਜਿਕ ਅਤੇ ਸਿਆਸੀ ਜੀਵਨ ਦਾ ਕੇਂਦਰੀ ਧੁਰਾ ਹੈ। ਇਸ ਪਵਿੱਤਰ ਅਸਥਾਨ ਦੇ ਜਥੇਦਾਰ ਦੀ ਪਦਵੀ ਸਿਰਫ਼ ਇੱਕ ਵਿਅਕਤੀ ਵਿਸ਼ੇਸ਼ ਦੀ ਨਹੀਂ, ਬਲਕਿ ਸਮੁੱਚੀ ਸਿੱਖ ਕੌਮ ਦੀ ਆਨ-ਬਾਨ ਅਤੇ ਸ਼ਾਨ ਦੀ ਪ੍ਰਤੀਕ ਹੁੰਦੀ ਹੈ। ਪਿਛਲੇ ਕੁਝ ਸਮੇਂ ਤੋਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨਾਲ ਸਬੰਧਤ ਇੱਕ ਕਥਿਤ ਵੀਡੀਓ ਵਾਇਰਲ ਹੋਣ ਤੋਂ ਬਾਅਦ, ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਕੁਲਦੀਪ ਸਿੰਘ ਗੜਗੱਜ ਵਿਰੁੱਧ ਸੋਸ਼ਲ ਮੀਡੀਆ ਅਤੇ ਹੋਰ ਮੰਚਾਂ ‘ਤੇ ਕੀਤੀਆਂ ਜਾ ਰਹੀਆਂ ਗਲਤ ਅਤੇ ਅਪਮਾਨਜਨਕ ਟਿੱਪਣੀਆਂ ਬੇਹੱਦ ਚਿੰਤਾਜਨਕ ਅਤੇ ਨਿੰਦਣਯੋਗ ਹਨ। ਅਜਿਹੀ ਬਿਆਨਬਾਜ਼ੀ ਨਾ ਕੇਵਲ ਸੰਸਥਾ ਦੇ ਵਕਾਰ ਨੂੰ ਸੱਟ ਮਾਰਦੀ ਹੈ, ਬਲਕਿ ਪੰਥਕ ਰਵਾਇਤਾਂ ਦਾ ਵੀ ਘਾਣ ਕਰਦੀ ਹੈ,ਵਾਇਰਲ ਵੀਡੀਓ ਅਤੇ ਉਸ ਨਾਲ ਜੁੜੇ ਵਿਵਾਦ ਨੇ ਪੰਜਾਬ ਦੀ ਸਿਆਸਤ ਅਤੇ ਧਾਰਮਿਕ ਹਲਕਿਆਂ ਵਿੱਚ ਵੱਡਾ ਤੂਫ਼ਾਨ ਖੜ੍ਹਾ ਕੀਤਾ ਹੋਇਆ ਹੈ। ਲੋਕਤੰਤਰ ਵਿੱਚ ਕਿਸੇ ਵੀ ਆਗੂ, ਭਾਵੇਂ ਉਹ ਮੁੱਖ ਮੰਤਰੀ ਹੀ ਕਿਉਂ ਨਾ ਹੋਵੇ, ਦੇ ਜਨਤਕ ਆਚਰਣ ‘ਤੇ ਸਵਾਲ ਉੱਠਣੇ ਸੁਭਾਵਿਕ ਹਨ। ਪਰ ਜਦੋਂ ਕੋਈ ਮਾਮਲਾ ਧਾਰਮਿਕ ਮਰਿਆਦਾ ਜਾਂ ਸਿੱਖ ਸੰਸਥਾਵਾਂ ਤੱਕ ਪਹੁੰਚਦਾ ਹੈ, ਤਾਂ ਜਥੇਦਾਰ ਸਾਹਿਬਾਨ ਵੱਲੋਂ ਕੌਮ ਦੀ ਅਗਵਾਈ ਕਰਦਿਆਂ ਨਿਰਪੱਖ ਪੈਂਡਾ ਅਖਤਿਆਰ ਕਰਨਾ ਉਨ੍ਹਾਂ ਦਾ ਫਰਜ਼ ਬਣ ਜਾਂਦਾ ਹੈ। ਮੁੱਖ ਮੰਤਰੀ ਦੀ ਵੀਡੀਓ ਦੀ ਸੱਚਾਈ ਜਾਂ ਝੂਠ ਦੀ ਪਰਖ ਕਰਨਾ ਕਾਨੂੰਨੀ ਅਤੇ ਤਕਨੀਕੀ ਮਾਮਲਾ ਹੈ, ਪਰ ਇਸ ਆੜ ਵਿੱਚ ਧਾਰਮਿਕ ਰਹਿਬਰਾਂ ਨੂੰ ਨਿਸ਼ਾਨਾ ਬਣਾਉਣਾ ਕਿਸੇ ਵੀ ਤਰ੍ਹਾਂ ਜਾਇਜ਼ ਨਹੀਂ ਠਹਿਰਾਇਆ ਜਾ ਸਕਦਾ,ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਖ਼ਿਲਾਫ਼ ਕੀਤੀਆਂ ਜਾ ਰਹੀਆਂ ਟਿੱਪਣੀਆਂ ਪਿੱਛੇ ਸਿਆਸੀ ਹਿੱਤ ਅਤੇ ਨਿੱਜੀ ਰੰਜਿਸ਼ਾਂ ਸਾਫ਼ ਨਜ਼ਰ ਆਉਂਦੀਆਂ ਹਨ। ਸੋਸ਼ਲ ਮੀਡੀਆ ਦੇ ਮੌਜੂਦਾ ਦੌਰ ਵਿੱਚ, ਜਿੱਥੇ ਬਿਨਾਂ ਸੋਚੇ-ਸਮਝੇ ਬੋਲਣ ਦੀ ਆਜ਼ਾਦੀ ਦਾ ਨਾਜਾਇਜ਼ ਫਾਇਦਾ ਉਠਾਇਆ ਜਾਂਦਾ ਹੈ, ਉੱਥੇ ਜਥੇਦਾਰ ਕੁਲਦੀਪ ਸਿੰਘ ਗੜਗੱਜ ਵਰਗੀਆਂ ਸਖ਼ਸ਼ੀਅਤਾਂ ਪ੍ਰਤੀ ਭੱਦੀ ਸ਼ਬਦਾਵਲੀ ਵਰਤਣਾ ਸਮਾਜਿਕ ਗਿਰਾਵਟ ਦਾ ਪ੍ਰਗਟਾਵਾ ਹੈ,ਹਰੇਕ ਵਿਅਕਤੀ ਨੂੰ ਇਹ ਯਾਦ ਰੱਖਣਾ ਚਾਹੀਦਾ ਹੈ ਕਿ ਜਦੋਂ ਅਸੀਂ ਜਥੇਦਾਰ ਸਾਹਿਬ ‘ਤੇ ਗਲਤ ਟਿੱਪਣੀਆਂ ਕਰਦੇ ਹਾਂ, ਤਾਂ ਅਸੀਂ ਸਿਰਫ਼ ਇੱਕ ਵਿਅਕਤੀ ਦਾ ਅਪਮਾਨ ਨਹੀਂ ਕਰ ਰਹੇ ਹੁੰਦੇ, ਬਲਕਿ ਛੇਵੇਂ ਪਾਤਸ਼ਾਹ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਵੱਲੋਂ ਸਿਰਜੇ ਗਏ ਸਰਵਉੱਚ ਅਸਥਾਨ ਦੀ ਮਰਿਆਦਾ ਨੂੰ ਢਾਹ ਲਾ ਰਹੇ ਹੁੰਦੇ ਹਾਂ,ਮੁੱਖ ਮੰਤਰੀ ਮਾਨ ਦੀ ਵੀਡੀਓ ਦੇ ਹੱਕ ਜਾਂ ਵਿਰੋਧ ਵਿੱਚ ਖੜ੍ਹੇ ਲੋਕ ਆਪਣੇ ਸਿਆਸੀ ਨੰਬਰ ਪੱਕੇ ਕਰਨ ਲਈ ਜਥੇਦਾਰ ਸਾਹਿਬ ਦੀ ਭੂਮਿਕਾ ਨੂੰ ਸ਼ੱਕ ਦੇ ਘੇਰੇ ਵਿੱਚ ਲਿਆਉਣ ਦੀ ਕੋਸ਼ਿਸ਼ ਕਰ ਰਹੇ ਹਨ, ਜੋ ਕਿ ਬੇਹੱਦ ਮੰਦਭਾਗਾ ਹੈ,ਇਤਿਹਾਸ ਗਵਾਹ ਹੈ ਕਿ ਜਦੋਂ ਵੀ ਸਿੱਖ ਕੌਮ ‘ਤੇ ਕੋਈ ਸੰਕਟ ਆਇਆ ਹੈ, ਤਾਂ ਸ੍ਰੀ ਅਕਾਲ ਤਖ਼ਤ ਸਾਹਿਬ ਨੇ ਹਮੇਸ਼ਾ ਇੱਕ ਚਾਨਣ ਮੁਨਾਰੇ ਵਜੋਂ ਕੌਮ ਦਾ ਮਾਰਗਦਰਸ਼ਨ ਕੀਤਾ ਹੈ। ਜਥੇਦਾਰ ਕੁਲਦੀਪ ਸਿੰਘ ਗੜਗੱਜ ਪ੍ਰਤੀ ਗਲਤ ਸ਼ਬਦਾਵਲੀ ਵਰਤ ਕੇ ਪੰਥ ਵਿਰੋਧੀ ਤਾਕਤਾਂ ਸਿੱਖਾਂ ਦੇ ਅੰਦਰੂਨੀ ਢਾਂਚੇ ਨੂੰ ਕਮਜ਼ੋਰ ਕਰਨਾ ਚਾਹੁੰਦੀਆਂ ਹਨ। ਅਜਿਹੀਆਂ ਟਿੱਪਣੀਆਂ ਨਾਲ ਆਮ ਸੰਗਤ ਵਿੱਚ ਦੁਬਿਧਾ ਅਤੇ ਬੇਵਿਸ਼ਵਾਸੀ ਦਾ ਮਾਹੌਲ ਪੈਦਾ ਹੁੰਦਾ ਹੈ, ਜਿਸ ਦਾ ਸਿੱਧਾ ਫਾਇਦਾ ਪੰਥ ਦੇ ਦੁਸ਼ਮਣਾਂ ਨੂੰ ਮਿਲਦਾ ਹੈ। ਸਿਆਸੀ ਮਤਭੇਦ ਆਪਣੀ ਜਗ੍ਹਾ ਹੋ ਸਕਦੇ ਹਨ, ਪਰ ਧਾਰਮਿਕ ਸੰਸਥਾਵਾਂ ਦੀ ਸਰਵਉੱਚਤਾ ਨੂੰ ਸਿਆਸਤ ਦੀ ਭੇਟ ਨਹੀਂ ਚੜ੍ਹਾਇਆ ਜਾਣਾ ਚਾਹੀਦਾ,ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਵਾਇਰਲ ਵੀਡੀਓ ਨਾਲ ਜੁੜੇ ਵਿਵਾਦ ਨੂੰ ਸੁਲਝਾਉਣ ਲਈ ਕਾਨੂੰਨੀ ਅਤੇ ਸੰਵਿਧਾਨਕ ਰਸਤੇ ਮੌਜੂਦ ਹਨ। ਇਸ ਮਸਲੇ ਨੂੰ ਲੈ ਕੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਕੁਲਦੀਪ ਸਿੰਘ ਗੜਗੱਜ ‘ਤੇ ਕੀਤੀਆਂ ਜਾ ਰਹੀਆਂ ਗਲਤ ਟਿੱਪਣੀਆਂ ਦੀ ਜਿੰਨੀ ਵੀ ਨਿੰਦਾ ਕੀਤੀ ਜਾਵੇ, ਥੋੜ੍ਹੀ ਹੈ। ਸਮੁੱਚੀ ਸਿੱਖ ਸੰਗਤ ਅਤੇ ਪੰਜਾਬ ਦੇ ਸੂਝਵਾਨ ਲੋਕਾਂ ਦਾ ਇਹ ਫਰਜ਼ ਬਣਦਾ ਹੈ ਕਿ ਉਹ ਅਜਿਹੀਆਂ ਨਕਾਰਾਤਮਕ ਅਤੇ ਅਪਮਾਨਜਨਕ ਪ੍ਰਵਿਰਤੀਆਂ ਨੂੰ ਨਕਾਰਨ,ਸਾਨੂੰ ਇਹ ਯਾਦ ਰੱਖਣਾ ਚਾਹੀਦਾ ਹੈ ਕਿ ਸਰਕਾਰਾਂ ਆਉਂਦੀਆਂ-ਜਾਂਦੀਆਂ ਰਹਿੰਦੀਆਂ ਹਨ ਅਤੇ ਸਿਆਸੀ ਆਗੂ ਬਦਲਦੇ ਰਹਿੰਦੇ ਹਨ, ਪਰ ਸਾਡੀਆਂ ਧਾਰਮਿਕ ਸੰਸਥਾਵਾਂ ਅਤੇ ਉਨ੍ਹਾਂ ਦੀ ਮਰਿਆਦਾ ਸਦੀਵੀ ਹੈ। ਇਸ ਲਈ, ਸੰਸਥਾ ਦੇ ਵਕਾਰ ਨੂੰ ਬਹਾਲ ਰੱਖਣ ਲਈ ਜਥੇਦਾਰ ਸਾਹਿਬ ਦੇ ਅਹੁਦੇ ਦਾ ਸਤਿਕਾਰ ਹਰ ਹਾਲ ਵਿੱਚ ਕਾਇਮ ਰੱਖਿਆ ਜਾਣਾ ਚਾਹੀਦਾ ਹੈ ਅਤੇ ਗਲਤ ਟਿੱਪਣੀਆਂ ਕਰਨ ਵਾਲੇ ਅਨਸਰਾਂ ਖ਼ਿਲਾਫ਼ ਸਖ਼ਤ ਰੁਖ਼ ਅਖਤਿਆਰ ਕਰਨਾ ਸਮੇਂ ਦੀ ਮੁੱਖ ਲੋੜ ਹੈ।
ਰਣਜੀਤ ਸਿੰਘ ਦਿਉਲ ( ਮੁੱਖ ਸੰਪਾਦਕ )
D5 PRO ਪੰਜਾਬੀ ਟੀਵੀ



