ਤਰਨ ਤਾਰਨ

ਬੈਗਾਂ ‘ਤੇ ਤਸਵੀਰਾਂ ਲਗਾ ਕੇ ਨਹੀਂ, ਅਧਿਆਪਕਾਂ ਦੀ ਘਾਟ ਪੂਰੀ ਕਰਕੇ ਆਵੇਗੀ ਅਸਲ ਸਿੱਖਿਆ ਕ੍ਰਾਂਤੀ: ਬੀਬਾ ਰਮਨਦੀਪ ਕੌਰ ਸੇਰੋਂ

ਲੋਕਾਂ ਦੇ ਟੈਕਸ ਦਾ ਪੈਸਾ ਆਪਣੀ ਪਾਰਟੀ ਦੀਆਂ ਮਸ਼ਹੂਰੀਆਂ ਲਈ ਬਰਬਾਦ ਕਰ ਰਹੀ ਆਮ ਆਦਮੀ ਪਾਰਟੀ

ਸ੍ਰੀ ਗੋਇੰਦਵਾਲ ਸਾਹਿਬ 31 ਜੁਲਾਈ ( ਰਣਜੀਤ ਸਿੰਘ ਦਿਉਲ )
ਪੰਜਾਬ ਸਰਕਾਰ ਵੱਲੋਂ ਸਰਕਾਰੀ ਸਕੂਲਾਂ ਦੇ ਵਿਦਿਆਰਥੀਆਂ ਨੂੰ ਵੰਡੇ ਜਾ ਰਹੇ ਬੈਗਾਂ ਉੱਤੇ ਮੁੱਖ ਮੰਤਰੀ ਭਗਵੰਤ ਮਾਨ ਦੀ ਤਸਵੀਰ ਛਾਪਣ ਦੇ ਮਾਮਲੇ ‘ਤੇ ਵਿਧਾਨ ਸਭਾ ਹਲਕਾ ਸ੍ਰੀ ਖਡੂਰ ਸਾਹਿਬ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਹਲਕਾ ਇੰਚਾਰਜ ਬੀਬਾ ਰਮਨਦੀਪ ਕੌਰ ਸੇਰੋਂ ਨੇ ਤਿੱਖਾ ਪ੍ਰਤੀਕਰਮ ਦਿੰਦਿਆਂ ਆਮ ਆਦਮੀ ਪਾਰਟੀ ਦੀ ਕਥਿਤ “ਸਿੱਖਿਆ ਕ੍ਰਾਂਤੀ” ਉੱਤੇ ਕਈ ਗੰਭੀਰ ਸਵਾਲ ਖੜ੍ਹੇ ਕੀਤੇ ਹਨ,ਬੀਬਾ ਰਮਨਦੀਪ ਕੌਰ ਸੇਰੋਂ ਨੇ ਕਿਹਾ ਕਿ ਬੱਚਿਆਂ ਨੂੰ ਬੈਗ ਵੰਡਣਾ ਇੱਕ ਚੰਗੀ ਪਹਿਲ ਹੋ ਸਕਦੀ ਹੈ, ਪਰ ਸਰਕਾਰੀ ਸਮਾਨ ਉੱਤੇ ਮੁੱਖ ਮੰਤਰੀ ਦੀ ਤਸਵੀਰ ਲਗਾ ਕੇ ਸਰਕਾਰੀ ਸਕੂਲਾਂ ਨੂੰ ਸਿਆਸੀ ਪ੍ਰਚਾਰ ਦਾ ਸਾਧਨ ਬਣਾਉਣਾ ਠੀਕ ਨਹੀਂ। ਉਨ੍ਹਾਂ ਕਿਹਾ ਕਿ ਬੈਗਾਂ ਉੱਤੇ ਤਸਵੀਰਾਂ ਲਗਾਉਣ ਨਾਲ ਵਿਦਿਆਰਥੀਆਂ ਦਾ ਭਵਿੱਖ ਸੁਰੱਖਿਅਤ ਨਹੀਂ ਹੋ ਸਕਦਾ,ਉਹਨਾਂ ਕਿਹਾ ਕਿ ਪੰਜਾਬ ਦੇ ਅਨੇਕਾਂ ਸਰਕਾਰੀ ਸਕੂਲ ਅੱਜ ਵੀ ਅਧਿਆਪਕਾਂ ਦੀ ਭਾਰੀ ਘਾਟ ਨਾਲ ਜੂਝ ਰਹੇ ਹਨ। ਕਈ ਸਕੂਲਾਂ ਵਿੱਚ ਲੋੜੀਂਦੇ ਵਿਸ਼ਿਆਂ ਦੇ ਅਧਿਆਪਕ ਹੀ ਨਹੀਂ ਹਨ ਅਤੇ ਜੋ ਅਧਿਆਪਕ ਮੌਜੂਦ ਹਨ, ਉਨ੍ਹਾਂ ਦੀਆਂ ਡਿਊਟੀਆਂ ਵੀ ਵੱਖ-ਵੱਖ ਸਰਕਾਰੀ ਸਰਵੇ ਅਤੇ ਗੈਰ-ਅਧਿਆਪਨ ਕੰਮਾਂ ਵਿੱਚ ਲਗਾਈਆਂ ਜਾਂਦੀਆਂ ਹਨ। ਅਜਿਹੇ ਹਾਲਾਤਾਂ ਵਿੱਚ ਸਰਕਾਰ ਕਿਸ ਆਧਾਰ ‘ਤੇ ਇਹ ਦਾਅਵਾ ਕਰਦੀ ਹੈ ਕਿ ਪੰਜਾਬ ਵਿੱਚ ਸਿੱਖਿਆ ਦਾ ਮਿਆਰ ਉੱਚਾ ਹੋ ਰਿਹਾ ਹੈ,ਬੀਬਾ ਰਮਨਦੀਪ ਕੌਰ ਨੇ ਕਿਹਾ ਕਿ ਸਿਰਫ਼ ਸਕੂਲਾਂ ਦੇ ਨਾਮ ਬਦਲ ਦੇਣਾ, ਸਕੂਲਾਂ ਨੂੰ ਕਿਸੇ ਪਾਰਟੀ ਦੇ ਝੰਡੇ ਨਾਲ ਮਿਲਦੇ-ਜੁੁਲਦੇ ਰੰਗਾਂ ਵਿੱਚ ਰੰਗ ਦੇਣਾ ਜਾਂ ਪ੍ਰਚਾਰਕ ਮੁਹਿੰਮਾਂ ਚਲਾਉਣਾ ਸਿੱਖਿਆ ਕ੍ਰਾਂਤੀ ਨਹੀਂ ਹੁੰਦੀ,ਅਸਲ ਸਿੱਖਿਆ ਕ੍ਰਾਂਤੀ ਤਾਂ ਉਦੋਂ ਹੋਵੇਗੀ ਜਦੋਂ ਹਰ ਸਕੂਲ ਅਤੇ ਕਾਲਜ ਵਿੱਚ ਲੋੜ ਅਨੁਸਾਰ ਅਧਿਆਪਕ ਹੋਣ, ਵਿਦਿਆਰਥੀਆਂ ਨੂੰ ਸਮੇਂ ਦੀ ਲੋੜ ਮੁੁਤਾਬਕ ਨਵੇਂ ਵਿਸ਼ੇ ਪੜ੍ਹਾਏ ਜਾਣ ਅਤੇ ਸਿੱਖਿਆ ਦਾ ਬੁਨਿਆਦੀ ਢਾਂਚਾ ਮਜ਼ਬੂਤ ਕੀਤਾ ਜਾਵੇ,ਉਨ੍ਹਾਂ ਕਿਹਾ ਕਿ ਪੰਜਾਬ ਦੇ ਕਈ ਸਰਕਾਰੀ ਕਾਲਜ ਵੀ ਅਧਿਆਪਕਾਂ ਦੀ ਘਾਟ ਦਾ ਸਾਹਮਣਾ ਕਰ ਰਹੇ ਹਨ ਅਤੇ ਅੱਜ ਦੇ ਸਮੇਂ ਦੀਆਂ ਲੋੜਾਂ ਮੁਤਾਬਕ ਨਵੇਂ ਕੋਰਸ ਅਤੇ ਵਿਸ਼ੇ ਸ਼ੁਰੂ ਕਰਨ ਵੱਲ ਵੀ ਲੋੜੀਂਦਾ ਧਿਆਨ ਨਹੀਂ ਦਿੱਤਾ ਜਾ ਰਿਹਾ। ਇਸ ਨਾਲ ਵਿਦਿਆਰਥੀਆਂ ਦਾ ਭਵਿੱਖ ਪ੍ਰਭਾਵਿਤ ਹੋ ਰਿਹਾ ਹੈ,ਬੀਬਾ ਰਮਨਦੀਪ ਕੌਰ ਸੇਰੋਂ ਨੇ ਪੰਜਾਬ ਸਰਕਾਰ ਨੂੰ ਅਪੀਲ ਕੀਤੀ ਕਿ ਸਰਕਾਰੀ ਸਕੂਲਾਂ ਅਤੇ ਵਿਦਿਆਰਥੀਆਂ ਨੂੰ ਸਿਆਸੀ ਪ੍ਰਚਾਰ ਦਾ ਮਾਧਿਅਮ ਬਣਾਉਣ ਦੀ ਬਜਾਏ ਸਿੱਖਿਆ ਪ੍ਰਣਾਲੀ ਦੀਆਂ ਅਸਲ ਸਮੱਸਿਆਵਾਂ ਦੇ ਹੱਲ ਵੱਲ ਧਿਆਨ ਦਿੱਤਾ ਜਾਵੇ। ਉਨ੍ਹਾਂ ਕਿਹਾ ਕਿ ਸਰਕਾਰੀ ਸਿੱਖਿਆ ਸੰਸਥਾਵਾਂ ਕਿਸੇ ਵੀ ਸਿਆਸੀ ਪਾਰਟੀ ਦੀ ਮਸ਼ਹੂਰੀ ਦਾ ਸਾਧਨ ਨਹੀਂ ਬਣਨੀਆਂ ਚਾਹੀਦੀਆਂ, ਸਗੋਂ ਪੰਜਾਬ ਦੇ ਬੱਚਿਆਂ ਦੇ ਬਿਹਤਰ ਭਵਿੱਖ ਦੀ ਨੀਂਹ ਬਣਨੀਆਂ ਚਾਹੀਦੀਆਂ ਹਨ।

Related Articles

Back to top button