ਪੰਜਾਬ

ਮਾਨ ਸਰਕਾਰ ਨੇ ਨਸ਼ਿਆਂ ਖਿਲਾਫ ਤਿੰਨ-ਨੁਕਾਤੀ ਰਣਨੀਤੀ ਸਮੇਤ ਅਪ੍ਰੇਸ਼ਨ ਆਲ ਆਊਟ ਕੀਤਾ ਸ਼ੁਰੂ

ਚੰਡੀਗੜ੍ਹ 05 ਸਤੰਬਰ : ਮੁੱਖ ਮੰਤਰੀ ਭਗਵੰਤ ਮਾਨ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਸੂਬੇ ਵਿੱਚੋਂ ਨਸ਼ਿਆਂ ਦਾ ਪੂਰੀ ਤਰ੍ਹਾਂ ਸਫਾਇਆ ਕਰਨ ਲਈ ਡਾਇਰੈਕਟਰ ਜਨਰਲ ਆਫ਼ ਪੁਲਿਸ (ਡੀ.ਜੀ.ਪੀ.) ਪੰਜਾਬ ਗੌਰਵ ਯਾਦਵ ਦੀ ਅਗਵਾਈ ਵਿੱਚ ਪੰਜਾਬ ਪੁਲਿਸ ਨੇ ਤਿੰਨ-ਨੁਕਾਤੀ ਰਣਨੀਤੀ ਲਾਗੂ ਕੀਤੀ ਹੈ , ਜਿਸ ਵਿੱਚ ਪੁਲਿਸ ਦੀ ਸ਼ਾਮੂਲੀਅਤ, ਲੋਕ ਸੰਪਰਕ ਪ੍ਰੋਗਰਾਮ ਅਤੇ ਨਸ਼ਿਆਂ ਦੀ ਮੰਗ ਘਟਾਉਣ, ਜਿਹੇ ਤਿੰਨ ਅਹਿਮ ਪਹਿਲੂ ਸ਼ਾਮਲ ਹਨ।
ਇਸ ਰਣਨੀਤੀ ਤਹਿਤ, ਸੀਪੀਜ਼/ਐਸਐਸਪੀਜ਼ ਨੂੰ ਮੁਹੱਲਿਆਂ ਅਤੇ ਪਿੰਡਾਂ ਵਿੱਚ ਨਸ਼ਿਆਂ ਦੀ ਸਪਲਾਈ ‘ਤੇ ਠੱਲ੍ਹ ਪਾਉਣ ਲਈ ਗਲੀ-ਮੁਹੱਲਿਆਂ ਅਤੇ ਸਪਲਾਇਰਾਂ ਵਿਰੁੱਧ ਵੱਡੇ ਪੱਧਰ ‘ਤੇ ਆਲ-ਆਊਟ ਆਪ੍ਰੇਸ਼ਨ ਵਿੱਢਣ ਲਈ ਕਿਹਾ ਗਿਆ ਹੈ। ਇਸ ਰਣਨੀਤੀ ਦੇ ਹਿੱਸੇ ਵਜੋਂ, ਕੁਝ ਕੁ ਗ੍ਰਾਮ ਹੈਰੋਇਨ ਜਾਂ ਨਸ਼ੀਲੇ ਪਾਊਡਰ ਦੇ ਨਾਲ ਫੜੇ ਗਏ ਵਿਅਕਤੀਆਂ ਨੂੰ ਪੀੜਤ ਮੰਨਿਆ ਜਾਵੇਗਾ ਅਤੇ ਉਸਨੂੰ ਐਨਡੀਪੀਐਸ ਐਕਟ ਦੀ ਧਾਰਾ 64ਏ ਤਹਿਤ ਗ੍ਰਿਫਤਾਰੀ ਤੋਂ ਛੋਟ ਦਿੰਦਿਆਂ ਇਲਾਜ ਅਤੇ ਮੁੜਵਸੇਬੇ ਦਾ ਵਿਕਲਪ ਦਿੱਤਾ ਜਾਵੇਗਾ। ਇਸ ਤੋੰ ਇਲਾਵਾ ਮੈਡੀਕਲ ਨਸ਼ੇ ਦੀ ਵੱਧ ਰਹੀ ਵਿਕਰੀ ਨੂੰ ਦੇਖਦਿਆਂ ਫਾਰਮਾਸਿਊਟੀਕਲ ਦਵਾਈਆਂ ਵੱਲ ਵਿਸ਼ੇਸ਼ ਧਿਆਨ ਦਿੱਤਾ ਜਾ ਰਿਹਾ ਹੈ।ਲੋਕ ਸੰਪਰਕ ਪ੍ਰੋਗਰਾਮ ਬਾਰੇ ਜਾਣਕਾਰੀ ਦਿੰਦੇ ਹੋਏ ਉਨ੍ਹਾਂ ਦੱਸਿਆ ਕਿ ਨਸ਼ਿਆਂ ਵਿਰੁੱਧ ਜ਼ਿਲ੍ਹਾ ਪੱਧਰੀ ਜਾਂ ਪੁਲਿਸ ਸਟੇਸ਼ਨ ਪੱਧਰ ਤੇ ਵਿਸ਼ੇਸ਼ ਯੋਜਨਾ ਹੋਵੇਗੀ, ਜਿਸ ਤਹਿਤ ਪੁਲਿਸ ਟੀਮਾਂ ਸਾਰੇ ਪਿੰਡਾਂ ਅਤੇ ਮੁਹੱਲਿਆਂ ਵਿੱਚ ਮੀਟਿੰਗਾਂ ਕਰਕੇ ਲੋਕਾਂ ਨੂੰ ਨਸ਼ਿਆਂ ਦੇ ਮਾਰੂ ਪ੍ਰਭਾਵਾਂ ਬਾਰੇ ਜਾਗਰੂਕ ਕਰਨਗੀਆਂ।ਇਸ ਰਣਨੀਤੀ ਤਹਿਤ ਰੈਲੀਆਂ, ਵਰਕਸ਼ਾਪਾਂ, ਸੈਮੀਨਾਰ, ਦੌੜਾਂ, ਸਾਈਕਲ ਰੈਲੀਆਂ ਆਦਿ ਸਮੇਤ ਜਾਗਰੂਕਤਾ ਗਤੀਵਿਧੀਆਂ ਆਯੋਜਿਤ ਕਰਨ ਲਈ ਸਕੂਲੀ ਬੱਚਿਆਂ, ਕਾਲਜ ਦੇ ਵਿਦਿਆਰਥੀਆਂ ਅਤੇ ਗੈਰ ਸਰਕਾਰੀ ਸੰਗਠਨਾਂ ਨੂੰ ਸ਼ਾਮਲ ਕੀਤਾ ਜਾਵੇਗਾ ਅਤੇ ਨਸ਼ਿਆਂ ਦੀ ਮੰਗ ਨੂੰ ਘਟਾਉਣ ਲਈ ਪੁਲਿਸ ਵੱਲੋਂ ਜ਼ਿਲ੍ਹਾ ਪ੍ਰਸ਼ਾਸਨ, ਸਿਹਤ ਵਿਭਾਗ, ਸਿੱਖਿਆ ਵਿਭਾਗ ਅਤੇ ਖੇਡ ਵਿਭਾਗ ਨੂੰ ਸ਼ਾਮਲ ਕੀਤਾ ਜਾਵੇਗਾ ਤਾਂ ਜੋ ਨਸ਼ੇ ਦਾ ਸੇਵਨ ਕਰਨ ਵਾਲਿਆਂ ਦੀ ਪਛਾਣ ਕੀਤੀ ਜਾ ਸਕੇ ਅਤੇ ਉਨ੍ਹਾਂ ਦੀ ਊਰਜਾ ਨੂੰ ਸਹੀ ਦਿਸ਼ਾ ਵੱਲ ਮੋੜਕੇ ਉਨ੍ਹਾਂ ਦਾ ਮੁੜਵਸੇਬਾ ਕੀਤਾ ਜਾ ਸਕੇ।

Related Articles

Back to top button