ਸੁਖਬੀਰ ਬਾਦਲ ਨੇ ਛੱਡੀ ਅਕਾਲੀ ਦਲ ਦੀ ਪ੍ਰਧਾਨਗੀ, ਸੀਨੀਅਰ ਆਗੂ ਦਲਜੀਤ ਚੀਮਾ ਨੇ ਕੀਤੀ ਪੁਸ਼ਟੀ

ਚੰਡੀਗੜ੍ਹ 16 ਨਵੰਬਰ ( ਰਣਜੀਤ ਸਿੰਘ ਦਿਉਲ ) ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਅਸਤੀਫਾ ਦੇ ਦਿੱਤਾ ਹੈ। ਉਨ੍ਹਾਂ ਵਰਕਿੰਗ ਕਮੇਟੀ ਨੂੰ ਆਪਣਾ ਅਸਤੀਫਾ ਸੌਂਪਿਆ ਹੈ। ਪਾਰਟੀ ਦੇ ਸੀਨੀਅਰ ਆਗੂ ਡਾਕਟਰ ਦਲਜੀਤ ਸਿੰਘ ਚੀਮਾ ਨੇ ਇਹ ਜਾਣਕਾਰੀ ਆਪਣੇ ਸੋਸ਼ਲ ਮੀਡੀਆ ਅਕਾਊਂਟ ‘ਤੇ ਦਿੱਤੀ ਹੈ,ਇਸ ਦੇ ਨਾਲ ਹੀ ਨਵੇਂ ਪ੍ਰਧਾਨ ਦੀ ਚੋਣ ਦਾ ਰਾਹ ਵੀ ਪੱਧਰਾ ਹੋ ਗਿਆ ਹੈ। ਕਾਬਿਲੇਗ਼ੌਰ ਹੈ ਕਿ ਸੁਖਬੀਰ ਬਾਦਲ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਤਨਖਾਹੀਆ ਐਲਾਨਿਆ ਹੋਇਆ ਹੈ ਜਿਸ ਦੇ ਸਬੰਧ ‘ਚ ਧਾਰਮਿਕ ਸਜ਼ਾ ਸੁਣਾਈ ਜਾਣੀ ਬਾਕੀ ਹੈ। ਉਹ ਦੋ ਦਿਨ ਪਹਿਲਾਂ ਆਪਣੀ ਧਾਰਮਿਕ ਸਜ਼ਾ ਸੁਣਾਏ ਜਾਣ ਦੀ ਗੱਲ ਨੂੰ ਲੈ ਕੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਨੂੰ ਮਿਲਣ ਵੀ ਗਏ ਸੀ ਪਰ ਉੱਥੇ ਉਨ੍ਹਾਂ ਦੀ ਮੁਲਾਕਾਤ ਨਹੀਂ ਹੋ ਸਕੀ। ਇਸੇ ਦੌਰਾਨ ਕੁਰਸੀ ਤੋਂ ਡਿੱਗਣ ਕਾਰਨ ਉਨ੍ਹਾਂ ਦੇ ਪੈਰ ‘ਚ ਫ੍ਰੈਕਚਰ ਆ ਗਿਆ,ਜ਼ਿਕਰਯੋਗ ਹੈ ਕਿ ਬੀਤੇ ਦਿਨ ਗੱਲ ਵਿਚ ਪੱਲਾ ਪਾ ਕੇ ਇਕ ਫਰਿਆਦ ਵਾਲਾ ਲਿਫਾਫਾ ਨਾਲ ਲੈ ਕੇ ਸੁਖਬੀਰ ਬਾਦਲ ਸ੍ਰੀ ਅਕਾਲ ਤਖ਼ਤ ਸਾਹਿਬ ਨਤਮਸਤਕ ਹੋਏ,ਤਨਖਾਹੀਆ ਕਰਾਰ ਹੋਣ ਤੋਂ ਬਾਅਦ ਸੁਖਬੀਰ ਸਿੰਘ ਬਾਦਲ ਦੂਜੀ ਵਾਰ ਆਪਣੀ ਫਰਿਆਦ ਲੈ ਕੇ ਪਹੁੰਚੇ ਸਨ। ਉਨ੍ਹਾਂ ਆਪਣਾ ਫਰਿਆਦ ਪੱਤਰ ਜਥੇਦਾਰ ਸਿੰਘ ਸਾਹਿਬ ਗਿਆਨੀ ਰਘਬੀਰ ਸਿੰਘ ਦੀ ਗੈਰ ਹਾਜ਼ਰੀ ‘ਚ ਸਕੱਤਰੇਤ ਦੇ ਅਧਿਕਾਰੀਆਂ ਨੂੰ ਸੌਂਪਿਆ ਸੀ। ਇਸ ੋਤਂ ਬਾਅਦ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸੁਖਬੀਰ ਸਿੰਘ ਬਾਦਲ ਨੇ ਕਿਹਾ ਸੀ ਕਿ ਉਨ੍ਹਾਂ ਨੂੰ ਤਨਖਾਹੀਆ ਕਰਾਰ ਦਿੱਤਿਆਂ ਢਾਈ ਮਹੀਨੇ ਦਾ ਸਮਾਂ ਬੀਤ ਚੁੱਕਾ ਹੈ ਜਿਸ ਤੋਂ ਬਾਅਦ ਉਹ ਨਾ ਤਾਂ ਪਾਰਟੀ ਦੇ ਰੁਝੇਵਿਆਂ ‘ਚ ਵਿਚਰ ਰਹੇ ਹਨ ਅਤੇ ਨਾ ਹੀ ਜਨਤਾ ਵਿਚਾਲੇ। ਉਨ੍ਹਾਂ ਦੱਸਿਆ ਕਿ 30 ਅਗਸਤ ਨੂੰ ਉਨ੍ਹਾਂ ਨੂੰ ਤਨਖਾਹੀਆ ਕਰਾਰ ਦਿੱਤਾ ਗਿਆ ਸੀ ਤੇ ਅਗਲੇ ਦਿਨ ਹੀ ਉਨ੍ਹਾਂ ਨਿੱਜੀ ਤੌਰ ‘ਤੇ ਪੇਸ਼ ਹੋ ਕੇ ਸ੍ਰੀ ਅਕਾਲ ਤਖਤ ਸਾਹਿਬ ਵਿਖੇ ਸਮਰਪਿਤ ਹੁੰਦਿਆਂ ਹਰੇਕ ਹੁਕਮ ਨੂੰ ਮੰਨਣ ਲਈ ਬੇਨਤੀ ਪੱਤਰ ਦੇ ਦਿੱਤਾ ਸੀ। ਇਸ ਕਰ ਕੇ ਲੰਮਾ ਸਮਾਂ ਬੀਤਣ ਤੋਂ ਬਾਅਦ ਮੁੜ ਨਿੱਜੀ ਤੌਰ ‘ਤੇ ਪੇਸ਼ ਹੋ ਕੇ ਉਨ੍ਹਾਂ ਜਥੇਦਾਰ ਨੂੰ ਬੇਨਤੀ ਕੀਤੀ ਹੈ ਕਿ ਇਸ ਮਾਮਲੇ ਸੰਬੰਧੀ ਜਲਦ ਪੰਜ ਸਿੰਘ ਸਾਹਿਬਾਨ ਦੀ ਇਕੱਤਰਤਾ ਕਰ ਕੇ ਫੈਸਲਾ ਲਿਆ ਜਾਵੇ। ਸ਼੍ਰੀ ਅਕਾਲ ਤਖਤ ਸਾਹਿਬ ਤੋਂ ਹੋਣ ਵਾਲੇ ਹੁਕਮ ਨੂੰ ਉਹ ਖਿੜੇ ਮੱਥੇ ਪ੍ਰਵਾਨ ਕਰਨਗੇ।