ਤਰਨ ਤਾਰਨ

ਤਰਨ ਤਾਰਨ ਦੇ ਪਿੰਡ ਲਾਲੂਘੁੰਮਣ ਵਿਖੇ ਆਪ ਦੇ ਮੌਜੂਦਾ ਸਰਪੰਚ ਦਾ ਅਣਪਛਾਤਿਆਂ ਨੇ ਗੋਲ਼ੀਆਂ ਮਾਰ ਕੀਤਾ ਕਤਲ

ਤਰਨ ਤਾਰਨ 17 ਨਵੰਬਰ ( ਰਣਜੀਤ ਸਿੰਘ ਦਿਉਲ )ਤਰਨਤਾਰਨ ਵਿਧਾਨ ਸਭਾ ਹਲਕੇ ਦੇ ਪਿੰਡ ਲਾਲੂਘੁੰਮਣ ਵਿਖੇ ਪਾਠ ਦੇ ਭੋਗ ਤੋਂ ਵਾਪਸ ਪਰਤ ਰਹੇ ਆਮ ਆਦਮੀ ਪਾਰਟੀ ਦੇ ਹਾਲ ਹੀ ‘ਚ ਬਣੇ ਸਰਪੰਚ ਨੂੰ ਅਣਪਛਾਤੇ ਵਿਅਕਤੀਆਂ ਨੇ ਗੋਲ਼ੀਆਂ ਮਾਰ ਦਿੱਤੀਆਂ ਜਿਸ ਕਾਰਨ ਉਨ੍ਹਾਂ ਦੀ ਮੌਕੇ ਉੱਪਰ ਹੀ ਮੌਤ ਹੋ ਗਈ। ਜਦੋਂਕਿ ਇਸ ਗੋਲੀਬਾਰੀ ਦੌਰਾਨ ਉਥੇ ਮੌਜੂਦ ਸੇਵਾਮੁਕਤ ਥਾਣੇਦਾਰ ਬੁੱਧ ਸਿੰਘ, ਭਗਵੰਤ ਸਿੰਘ ਸਾਬਾ ਪੁੱਤਰ ਮਹਿੰਦਰ ਸਿੰਘ ਅਤੇ ਰਾਜਨ ਸਿੰਘ ਰਾਜਾ ਪੁੱਤਰ ਇੰਦਰਜੀਤ ਸਿੰਘ ਗੰਭੀਰ ਰੂਪ ਵਿਚ ਜ਼ਖ਼ਮੀ ਹੋ ਗਏ,ਜਿਨ੍ਹਾਂ ਨੂੰ ਤੁਰੰਤ ਹਸਪਤਾਲ ਪਹੁੰਚਾਇਆ ਗਿਆ। ਦੂਜੇ ਪਾਸੇ ਘਟਨਾ ਦਾ ਪਤਾ ਚੱਲਦਿਆਂ ਹੀ ਐੱਸਐੱਸਪੀ ਅਭੀਮੰਨਿਊ ਰਾਣਾ ਅਤੇ ਡੀਐੱਸਪੀ ਸਬ ਡਵੀਜ਼ਨ ਤਰਨਤਾਰਨ ਕਮਲਮੀਤ ਸਿੰਘ ਤੋਂ ਇਲਾਵਾ ਥਾਣਾ ਝਬਾਲ ਦੀ ਪੁਲਿਸ ਮੌਕੇ ਉੱਪਰ ਪਹੁੰਚ ਗਈ,ਮੌਕੇ ਤੋਂ ਮਿਲੀ ਜਾਣਕਾਰੀ ਅਨੁਸਾਰ ਪਿੰਡ ਲਾਲੂਘੁੰਮਣ ਵਿਖੇ ਆਮ ਆਦਮੀ ਪਾਰਟੀ ਦੇ ਮੌਜੂਦਾ ਸਰਪੰਚ ਪ੍ਰਤਾਪ ਸਿੰਘ ਪੁੱਤਰ ਗਿਆਨ ਸਿੰਘ ਪਿੰਡ ਦੇ ਹੀ ਇਕ ਘਰ ਵਿਚ ਭੋਗ ਸਮਾਗਮ ਚ ਸ਼ਾਮਲ ਹੋਣ ਲਈ ਗਏ ਸਨ। ਜਦੋਂ ਉਹ ਉਥੋਂ ਵਾਪਸ ਪਰਤ ਰਹੇ ਸੀ ਤਾਂ ਰਸਤੇ ਵਿਚ ਮੋਟਰਸਾਈਕਲ ਤੇ ਸਵਾਰ ਹੋ ਕੇ ਆਏ ਅਣਪਛਾਤੇ ਵਿਅਕਤੀਆਂ ਨੇ ਉਨ੍ਹਾਂ ਉੱਪਰ ਅੰਨ੍ਹੇਵਾਹ ਗੋਲੀਆਂ ਚਲਾ ਦਿੱਤੀਆਂ। ਜਿਸਦੇ ਚੱਲਦਿਆਂ ਸਰਪੰਚ ਪ੍ਰਤਾਪ ਸਿੰਘ ਪੁੱਤਰ ਗਿਆਨ ਸਿੰਘ ਦੀ ਮੌਕੇ ਉੱਪਰ ਹੀ ਮੌਤ ਹੋ ਗਈ। ਐੱਸਐੱਸਪੀ ਅਭੀਮੰਨਿਊ ਰਾਣਾ ਨੇ ਕਿਹਾ ਕਿ ਲਾਸ਼ ਨੂੰ ਕਬਜ਼ੇ ਵਿਚ ਲੈ ਕੇ ਥਾਣਾ ਝਬਾਲ ਵਿਖੇ ਕਤਲ ਦਾ ਮੁਕੱਦਮਾਂ ਦਰਜ ਕੀਤਾ ਜਾ ਰਿਹਾ ਹੈ। ਡੀਐੱਸਪੀ ਨੇ ਦੱਸਿਆ ਕਿ ਮੁਲਜ਼ਮਾਂ ਦਾ ਪਤਾ ਲਗਾਉਣ ਲਈ ਕਾਰਵਾਈ ਕੀਤੀ ਜਾ ਰਹੀ ਹੈ ਅਤੇ ਜਲਦ ਉਨ੍ਹਾਂ ਨੂੰ ਕਾਬੂ ਕਰ ਲਿਆ ਜਾਵੇਗਾ।

Related Articles

Back to top button