ਤਰਨ ਤਾਰਨ
ਖੇਡਾਂ ਸਰੀਰ ਨੂੰ ਤੰਦਰੁਸਤ ਰੱਖਣ ਦੇ ਨਾਲ ਨਾਲ ਬੱਚਿਆਂ ਅੰਦਰ ਆਪਸੀ ਮਿਲਵਰਤਣ ਅਤੇ ਸਦਭਾਵਨਾ ਪੈਦਾ ਕਰਦੀਆਂ ਹਨ : ਪ੍ਰਿੰਸੀਪਲ ਰਾਧਿਕਾ ਅਰੋੜਾ
ਬ੍ਰਿਟਿਸ਼ ਵਿਕਟੋਰੀਆ ਸਕੂਲ ਸ੍ਰੀ ਗੋਇੰਦਵਾਲ ਸਾਹਿਬ ਦੇ ਪੰਜਵੇਂ ਸਥਾਪਨਾ ਦਿਵਸ ਦੇ ਸੰਬੰਧ ਚ ਕੀਤਾ ਖੇਡ ਮੇਲੇ ਦਾ ਆਯੋਜਨ

- ਸ੍ਰੀ ਗੋਇੰਦਵਾਲ ਸਾਹਿਬ 21 ਨਵੰਬਰ ( ਰਣਜੀਤ ਸਿੰਘ ਦਿਉਲ ) -ਨਾਮਵਰ ਵਿੱਦਿਅਕ ਸੰਸਥਾ ਬ੍ਰਿਟਿਸ਼ ਵਿਕਟੋਰੀਆ ਸਕੂਲ ਸ੍ਰੀ ਗੋਇੰਦਵਾਲ ਸਾਹਿਬ ਦੇ ਪੰਜਵੇਂ ਸਥਾਪਨਾ ਦਿਵਸ ਦੇ ਸੰਬੰਧ ਵਿੱਚ ਖੇਡ ਮੇਲੇ ਦਾ ਆਯੋਜਨ ਕੀਤਾ ਗਿਆ। ਇਸ ਖੇਡ ਮੇਲੇ ਦੀ ਸ਼ੁਰੂਆਤ ਸੰਸਥਾ ਦੇ ਚੇਅਰਮੈਨ ਛਿੰਦਰਪਾਲ ਸਿੰਘ ਦੁਆਰਾ ਸਕੂਲ ਦਾ ਝੰਡਾ ਲਹਿਰਾ ਕੇ ਕੀਤੀ ਗਈ। ਉਪਰੰਤ ਬੱਚਿਆਂ ਨੇ ਆਪਣੇ-ਆਪਣੇ ਹਾਊਸ ਦੇ ਝੰਡੇ ਦੀ ਅਗਵਾਈ ‘ਚ ਬੈਂਡ ਦੀਆਂ ਮਧੁਰ ਧੁਨਾਂ ਤੇ ਮਾਰਚ ਪਾਸਟ ਕਰਦੇ ਹੋਏ ਝੰਡੇ ਨੂੰ ਸਲਾਮੀ ਦਿੱਤੀ ਅਤੇ ਅਨੁਸ਼ਾਸਨ ‘ਚ ਰਹਿ ਕੇ ਖੇਡ ਭਾਵਨਾ ਨਾਲ ਖੇਡਣ ਦੀ ਸਹੁੰ ਚੁੱਕੀ। ਮੁੱਖ ਮਹਿਮਾਨ ਵਲੋਂ ਪ੍ਰਤੀਕਾਤਮਕ ਢੰਗ ਨਾਲ ਹਵਾ ਵਿੱਚ ਗੁਬਾਰੇ ਛੱਡੇ ਗਏ। ਇਸ ਮੌਕੇ ਬੱਚਿਆਂ ਵੱਲੋਂ ਸ਼ਾਨਦਾਰ ਸਵਾਗਤੀ ਗੀਤ ਪੇਸ਼ ਕੀਤਾ ਗਿਆ । ਇਸ ਖੇਡ ਮੇਲੇ ਵਿੱਚ ਸਕੂਲ ਵਿਦਿਆਰਥੀਆਂ ਦੇ ਚਾਰ ਹਾਊਸਾਂ ਦੇ ਤਿੰਨ ਵਰਗਾਂ ਤੀਜੀ ਤੋਂ ਪੰਜਵੀਂ ਜਮਾਤ ਤੱਕ ਅਤੇ 14 ਸਾਲ ਅਤੇ 17 ਸਾਲ ਵਰਗ ਦੇ ਖਿਡਾਰੀਆਂ ਦੇ 100ਮੀ, 200ਮੀ, 400ਮੀ, 800ਮੀ. ਦੀਆਂ ਦੌੜਾਂ ਅਤੇ ਬੈਡਮਿੰਟਨ, ਲੰਬੀ ਸ਼ਾਲ, ਰੱਸਾਕਸ਼ੀ, ਫੁੱਟਬਾਲ, ਬਾਸਕਟਬਾਲ,ਕਿ੍ਕਟ,ਗੋਲਾ ਸੁੱਟਣ ਆਦਿ ਖੇਡਾਂ ਦੇ ਮੁਕਾਬਲੇ ਕਰਵਾਏ ਗਏ। ਇਹਨਾਂ ਖੇਡ ਮੁਕਾਬਲਿਆਂ ਵਿੱਚ ਲੌਰਡਸ ਹਾਊਸ ਨੇ ਪਹਿਲਾ, ਵਿੰਬਲਡਨ ਹਾਊਸ ਨੇ ਦੂਜਾ,ਮਨਚੈਸਟਰ ਹਾਊਸ ਨੇ ਤੀਜਾ ਸਥਾਨ ਪ੍ਰਾਪਤ ਕੀਤਾ। ਇਸ ਮੌਕੇ ਲੜਕਿਆਂ ਵਿੱਚੋਂ ਅਰਮਾਨਦੀਪ ਸਿੰਘ ਅਤੇ ਲੜਕੀਆਂ ਵਿੱਚੋਂ ਕਰਮਨਜੀਤ ਕੌਰ ਨੂੰ ਬੈਸਟ ਅਥਲੀਟ ਚੁਣਿਆਂ ਗਿਆ ਅਤੇ ਬੈਸਟ ਫੁੱਟਬਾਲ ਪਲੇਅਰ ਦਾ ਅਵਾਰਡ ਜੈਵੀਰ ਸਿੰਘ ਦਿੱਤਾ ਗਿਆ ਅਤੇ ਕ੍ਰਿਕਟ ‘ਚੋ ਵਿਸ਼ਾਲਦੀਪ ਸਿੰਘ ਨੂੰ ਮੈਨ ਆਫ਼ ਦਾ ਮੈਚ ਚੁਣਿਆਂ ਗਿਆ। ਇਸ ਖੇਡ ਮੇਲੇ ਦੀ ਸਮਾਪਤੀ ਮੌਕੇ ਬੱਚਿਆਂ ਵੱਲੋਂ ਸ਼ਾਨਦਾਰ ਸਭਿਆਚਾਰਕ ਪ੍ਰੋਗਰਾਮ ਪੇਸ਼ ਕੀਤਾ ਗਿਆ।ਇਸ ਮੌਕੇ ਸੰਸਥਾ ਦੇ ਚੇਅਰਮੈਨ ਛਿੰਦਪਾਲ ਸਿੰਘ,ਪ੍ਰਧਾਨ ਅਰਸ਼ਦੀਪ ਸਿੰਘ, ਮੈਨੇਜਿੰਗ ਡਾਇਰੈਕਟਰ ਸਾਹਿਲ ਪੱਬੀ ਅਤੇ ਪ੍ਰਿੰਸੀਪਲ ਮੈਡਮ ਸ਼੍ਰੀਮਤੀ ਰਾਧਿਕਾ ਅਰੋੜਾ ਨੇ ਵੱਖ -ਵੱਖ ਖੇਡਾਂ ਵਿੱਚ ਜੇਤੂ ਖਿਡਾਰੀਆਂ ਨੂੰ ਸਨਮਾਨ ਚਿੰਨ੍ਹ ਅਤੇ ਪ੍ਰਸੰਸਾ ਪੱਤਰ ਦੇ ਕੇ ਸਨਮਾਨਿਤ ਕੀਤਾ।ਵਿਦਿਆਰਥੀਆਂ ਨੂੰ ਸੰਬੋਧਨ ਕਰਦੇ ਹੋਏ ਉਹਨਾਂ ਨੇ ਕਿਹਾ ਕਿ ਖੇਡਾਂ ਜਿੱਥੇ ਸਾਡੇ ਸਰੀਰ ਨੂੰ ਤੰਦਰੁਸਤ ਰੱਖਦੀਆਂ ਹਨ ਉੱਥੇ ਬੱਚਿਆਂ ਅੰਦਰ ਆਪਸੀ ਮਿਲਵਰਤਣ ਅਤੇ ਸਦਭਾਵਨਾ ਪੈਦਾ ਕਰਦੀਆਂ ਹਨ ਅਤੇ ਵਿਤਕਰੇ ਰਹਿਤ ਜੀਵਨ ਜਿਊਣ ਦੀ ਜਾਚ ਸਿਖਾਉਂਦੀਆਂ ਹਨ । ਅਖੀਰ ਉਹਨਾਂ ਨੇ ਜੇਤੂ ਖਿਡਾਰੀਆਂ ਨੂੰ ਵਧਾਈ ਦਿੱਤੀ ਅਤੇ ਭਵਿੱਖ ‘ਚ ਇਸ ਤਰ੍ਹਾਂ ਹੀ ਪ੍ਰਾਪਤੀਆਂ ਕਰਦੇ ਰਹਿਣ ਲਈ ਲਈ ਪ੍ਰੇਰਿਤ ਕੀਤਾ।