ਹੁਣ ਗੁਰੂ ਘਰਾਂਂ ‘ਚ ਨਹੀਂ ਚੜ੍ਹਾਏ ਜਾ ਸਕਣਗੇ ਖਿਡੌਣੇ ਜਹਾਜ਼, SGPC ਸੰਗਤਾਂ ਨੂੰ ਕਰੇਗੀ ਜਾਗਰੂਕ
ਸ੍ਰੀ ਹਰਿਮੰਦਰ ਸਾਹਿਬ ਸਮੇਤ ਹੋਰ ਗੁਰਦੁਆਰਿਆਂ ਵਿੱਚ ਹਵਾਈ ਜਹਾਜ਼ ਵਰਗੇ ਖਿਡੌਣੇ ਭੇਟ ਕਰਨ ਦੇ ਸੰਗਤਾਂ ਦੇ ਰੁਝਾਨ ਨੂੰ ਰੋਕਣ ਲਈ ਹੁਣ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸਿੱਖ ਸੰਗਤਾਂ ਨੂੰ ਜਾਗਰੂਕ ਕਰਨ ਲਈ ਪ੍ਰਚਾਰ ਕੀਤਾ ਜਾਵੇਗਾ। ਇਸ ਸਬੰਧ ਵਿੱਚ ਸ੍ਰੀ ਅਕਾਲ ਤਖ਼ਤ ਸਕੱਤਰੇਤ ਵੱਲੋਂ ਸ਼੍ਰੋਮਣੀ ਕਮੇਟੀ ਨੂੰ ਇੱਕ ਪੱਤਰ ਵੀ ਲਿਖਿਆ ਜਾ ਰਿਹਾ ਹੈ,ਪ੍ਰਾਪਤ ਜਾਣਕਾਰੀ ਮੁਤਾਬਕ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਸ਼ਨੀਵਾਰ ਨੂੰ ਸ੍ਰੀ ਅਕਾਲ ਤਖ਼ਤ ਦੇ ਸਕੱਤਰੇਤ ਵਿਖੇ ਜਥੇਦਾਰ ਗਿਆਨੀ ਰਘਵੀਰ ਸਿੰਘ ਨਾਲ ਮੁਲਾਕਾਤ ਕੀਤੀ ਜਿਸ ਦੌਰਾਨ ਕਈ ਪੰਥਕ ਮਾਮਲਿਆਂ ‘ਤੇ ਵਿਚਾਰ ਚਰਚਾ ਹੋਈ,ਦੱਸਣਯੋਗ ਹੈ ਕਿ ਬੀਤੇ ਦਿਨ ਇੱਕ ਤਸਵੀਰ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਹੈ,ਜਿਸ ਵਿੱਚ ਇੱਕ ਸ਼ਰਧਾਲੂ ਸ੍ਰੀ ਹਰਿਮੰਦਰ ਸਾਹਿਬ ਵਿਖੇ ਖਿਡੌਣੇ ਦੇ ਰੂਪ ਵਿੱਚ ਹਵਾਈ ਜਹਾਜ਼ ਭੇਟ ਕਰ ਰਿਹਾ ਸੀ ਜਿਸ ਨੂੰ ਉੱਥੇ ਬੈਠਾ ਕਰਮਚਾਰੀ ਦੇਖ ਰਿਹਾ ਸੀ। ਇਹ ਤਸਵੀਰ ਸਾਹਮਣੇ ਆਉਣ ਤੋਂ ਬਾਅਦ ਦਰਬਾਰ ਸਾਹਿਬ ਦੇ ਮੈਨੇਜਰ ਭਗਵੰਤ ਸਿੰਘ ਵੱਲੋਂ ਕਰਮਚਾਰੀਆਂ ਨੂੰ ਸਖ਼ਤ ਹਦਾਇਤ ਕੀਤੀ ਗਈ ਹੈ ਕਿ ਸੰਗਤਾਂ ਦੇ ਅਜਿਹੇ ਰੁਝਾਨ ਨੂੰ ਰੋਕਿਆ ਜਾਵੇ। ਦੱਸ ਦਈਏ ਕਿ ਇਸ ਵੇਲੇ ਲੋਕਾਂ ਵਿੱਚ ਵਿਦੇਸ਼ ਜਾਣ ਦਾ ਰੁਝਾਨ ਵੱਧ ਰਿਹਾ ਹੈ। ਵਿਦੇਸ਼ ਜਾਣ ਦੇ ਚਾਹਵਾਨਾਂ ਵੱਲੋਂ ਇਸ ਸਬੰਧ ਵਿੱਚ ਗੁਰੂਧਾਮਾਂ ਤੇ ਹੋਰ ਧਾਰਮਿਕ ਥਾਵਾਂ ‘ਤੇ ਮੰਨਤ ਮੰਗਦੇ ਹੋਏ ਹਵਾਈ ਜਹਾਜ਼ ਖਿਡੌਣੇ ਭੇਟ ਕੀਤੇ ਜਾ ਰਹੇ ਹਨ। ਜਲੰਧਰ ਨੇੜੇ ਇੱਕ ਗੁਰਦੁਆਰੇ ਵਿੱਚ ਤਾਂ ਅਜਿਹਾ ਰੁਝਾਨ ਤੇਜ਼ੀ ਨਾਲ ਵਧ ਰਿਹਾ ਹੈ।